ਪੰਜਾਬ
ਦੋਦਾ-ਭਲਾਈਆਣਾ ਵਿਚ ਪਰਿਵਾਰਕ ਝਗੜੇ ਦੌਰਾਨ ਵਿਆਹੁਤਾ ਲੜਕੀ ਦੇ ਰਿਸ਼ਤੇਦਾਰਾਂ ਨੇ ਲੜਕੀ ਦੇ ਸਹੁਰਾ ਪਰਿਵਾਰ ’ਤੇ ਗੋਲੀਆਂ ਚਲਾ ਦਿੱਤੀਆਂ, ਜਿਸ ਕਾਰਨ ਲੜਕੀ ਦਾ ਪਤੀ ਗੰਭੀਰ ਜ਼ਖ਼ਮੀ ਹੋ ਗਿਆ। ਪੀੜਤ ਨੌਜਵਾਨ ਦੀ ਮਾਤਾ ਗੁਰਪ੍ਰੀਤ ਕੌਰ ਨੇ ਦੱਸਿਆ ਕਿ ਉਨ੍ਹਾਂ ਦਾ ਲੜਕਾ ਜੀਵਨ ਸਿੰਘ, ਗੁਰਪਿੰਦਰ ਕੌਰ ਪੁੱਤਰੀ ਗੁਰਦੀਪ ਸਿੰਘ ਵਾਸੀ ਪਿੰਡ ਗੰਗਾ ਨਾਲ ਵਿਆਹਿਆ ਹੋਇਆ ਹੈ। ਚਾਰ ਸਾਲਾਂ ਤੋਂ ਉਨ੍ਹਾਂ ’ਚ ਅਣਬਣ ਚੱਲ ਰਹੀ ਸੀ। ਅੱਜ ਇਸੇ ਰੰਜਿਸ਼ ਤਹਿਤ ਲੜਕੇ ਦੇ ਸਹੁਰੇ ਪਰਿਵਾਰ ਵਾਲੇ ਆਪਣੀ ਲੜਕੀ ਨੂੰ ਘਰ ਛੱਡਣ ਦੇ ਬਹਾਨੇ ਦੋ ਕਾਰਾਂ ’ਚ ਆਏ ਅਤੇ ਉਨ੍ਹਾਂ ’ਤੇ ਗੋਲੀਆਂ ਚਲਾ ਦਿੱਤੀਆਂ। ਇਸ ਦੌਰਾਨ ਜੀਵਨ ਸਿੰਘ ਦੇ ਗੋਲੀ ਵੱਜ ਗਈ ਤੇ ਉਹ ਗੰਭੀਰ ਜ਼ਖ਼ਮੀ ਹੋ ਗਿਆ। ਉਸ ਨੂੰ ਸਰਕਾਰੀ ਹਸਪਤਾਲ ਦੋਦਾ ਤੋਂ ਬਠਿੰਡਾ ਰੈਫਰ ਕੀਤਾ ਗਿਆ ਹੈ। ਕੋਟਭਾਈ ਦੇ ਐੱਸਐੱਚਓ ਅੰਗਰੇਜ਼ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਜਲੰਧਰ, -ਕਮਿਸ਼ਨਰੇਟ ਪੁਲੀਸ ਨੇ ਸਿਵਲ ਹਸਪਤਾਲ ਵਿਚੋਂ ਚੋਰੀ ਹੋਇਆ ਨਵਜਾਤ ਬੱਚਾ (ਲੜਕਾ) 48 ਘੰਟਿਆਂ ਵਿਚ ਬਰਾਮਦ ਕਰ ਲਿਆ ਹੈ। ਬੱਚਾ ਚੋਰੀ ਕਰਨ ਦੇ ਮਾਮਲੇ ਵਿਚ ਦੋ ਔਰਤਾਂ ਸਮੇਤ ਪੰਜ ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲੀਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਇਹ ਬੱਚਾ ਚਾਰ ਲੱਖ ਰੁਪਏ ਵਿਚ ਵੇਚਿਆ ਜਾਣਾ ਸੀ। ਉਨ੍ਹਾਂ ਦੱਸਿਆ ਕਿ ਪੁਲੀਸ ਨੇ ਜਿਹੜੇ ਪੰਜ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ, ਉਨ੍ਹਾਂ ਦੀ ਪਛਾਣ ਮੈਂਬਰ ਪੰਚਾਇਤ ਗੁਰਪ੍ਰੀਤ ਸਿੰਘ ਗੋਪੀ ਵਾਸੀ ਮਹੇੜੂ, ਗੁਰਪ੍ਰੀਤ ਸਿੰਘ ਪੀਤਾ, ਰਣਜੀਤ ਸਿੰਘ ਰਾਣਾ ਤੇ ਦਵਿੰਦਰ ਕੌਰ ਵਾਸੀ ਖ਼ੁਰਸੈਦਪੁਰ ਕਲੋਨੀ ਨਕੋਦਰ ਅਤੇ ਸਿਵਲ ਹਸਪਤਾਲ ਦੀ ਸਫ਼ਾਈ ਕਰਮਚਾਰੀ ਕਿਰਨ ਵਾਸੀ ਲੰਮਾ ਪਿੰਡ ਵਜੋਂ ਹੋਈ ਹੈ। ਪੁਲੀਸ ਕਮਿਸ਼ਨਰ ਨੇ ਦੱਸਿਆ ਕਿ ਮੁਲਜ਼ਮਾਂ ਨੇ ਇਹ ਬੱਚਾ ਚਾਰ ਲੱਖ ਰੁਪਏ ਵਿਚ ਵੇਚਣਾ ਸੀ ਅਤੇ ਚਾਰਾਂ ਮੁਲਜ਼ਮਾਂ ਨੇ ਬਰਾਬਾਰ ਪੈਸੇ ਵੰਡਣੇ ਸਨ। ਸਫ਼ਾਈ ਸੇਵਿਕਾ ਕਿਰਨ ਸਿਵਲ ਹਸਪਤਾਲ ਵਿਚ ਪਿਛਲੇ 7 ਸਾਲਾਂ ਤੋਂ ਕੰਮ ਕਰਦੀ ਹੈ। ਉਸ ਨੇ 20 ਅਗਸਤ ਨੂੰ ਦੁਪਹਿਰੇ 12.40 ਵਜੇ ਬੱਚਾ ਚੁਕਾ ਕੇ ਹਸਪਤਾਲ ਦੀਆਂ ਪੌੜੀਆਂ ਵਿਚ ਗੁਰਪ੍ਰੀਤ ਸਿੰਘ ਗੋਪੀ ਅਤੇ ਗੁਰਪ੍ਰੀਤ ਸਿੰਘ ਪੀਤਾ ਨੂੰ ਦੇ ਦਿੱਤਾ, ਜੋ ਬੱਚੇ ਨੂੰ ਲੈ ਕੇ ਬੋਲੈਰੋ ਗੱਡੀ ਵਿਚ ਸਵਾਰ ਹੋ ਕੇ ਉੱਥੋਂ ਫ਼ਰਾਰ ਹੋ ਗਏ। ਕਿਰਨ ਬੱਚੇ ਨੂੰ ਫੜਾ ਕੇ ਮੁੜ ਜੱਚਾ-ਬੱਚਾ ਵਾਰਡ ਵਿਚ ਪੀੜਤ ਪਰਿਵਾਰ ਕੋਲ ਆ ਗਈ। ਮਗਰੋਂ ਦੋਵਾਂ ਮੁਲਜ਼ਮਾਂ ਨੇ ਗਾਂਧਰਾ-ਪੰਡੋਰੀ ਰੋਡ ’ਤੇ ਨਵਜੰਮੇ ਬੱਚੇ ਨੂੰ ਦਵਿੰਦਰ ਕੌਰ ਅਤੇ ਰਣਜੀਤ ਰਾਣਾ ਦੇ ਹਵਾਲੇ ਕੀਤਾ। ਸ੍ਰੀ ਭੁੱਲਰ ਨੇ ਦੱਸਿਆ ਕਿ ਏਡੀਸੀਪੀ-1 ਵਤਸਲਾ ਗੁਪਤਾ, ਏਸੀਪੀ ਹਰਸਿਮਰਤ ਸਿੰਘ ਤੇ ਸੀਆਈਏ ਦੇ ਇੰਚਾਰਜ ਹਰਵਿੰਦਰ ਸਿੰਘ ਦੀ ਅਗਵਾਈ ਹੇਠ ਬਣਾਈ ਗਈ ਟੀਮ ਨੇ ਨਵਜਾਤ ਬੱਚੇ ਨੂੰ ਸੁਰੱਖਿਅਤ ਬਰਾਮਦ ਕਰ ਲਿਆ ਤੇ ਮੁਲਜ਼ਮਾਂ ਵੱਲੋਂ ਬੱਚਾ ਚੋਰੀ ਕਰਨ ਲਈ ਵਰਤੀ ਗਈ ਬੋਲੈਰੋ ਗੱਡੀ ਵੀ ਬਰਾਮਦ ਕਰ ਲਈ ਹੈ। ਇਸ ਮਾਮਲੇ ਵਿਚ ਗ੍ਰਿਫ਼ਤਾਰ ਕੀਤੀ ਗਈ ਦਵਿੰਦਰ ਕੌਰ ਨੇ ਹੀ ਉਸ ਪਰਿਵਾਰ ਨਾਲ ਬੱਚੇ ਦਾ ਸੌਦਾ ਤੈਅ ਕਰਨਾ ਸੀ, ਜਿਨ੍ਹਾਂ ਦੇ ਕੋਈ ਬੱਚਾ ਨਹੀਂ ਸੀ ਹੁੰਦਾ।
ਚਿੱਟਾ ਪੀਂਦਾ ਫੜਿਆ ਏ.ਐੱਸ.ਆਈ. ਕੈਪਟਨ ਵੱਲੋਂ ਬਰਖਾਸਤਚੰਡੀਗੜ੍ਹ,-ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਹੁਕਮਾਂ ’ਤੇ ਪੰਜਾਬ ਪੁਲੀਸ ਦੇ ਏ.ਐਸ.ਆਈ./ਐਲ.ਆਰ. ਜ਼ੋਰਾਵਰ ਸਿੰਘ ਨੂੰ ਬਰਖਾਸਤ ਕਰ ਦਿੱਤਾ ਗਿਆ ਹੈ ਜਿਸ ਦੀ ਚਿੱਟਾ ਪੀਂਦੇ ਦੀ ਵੀਡੀਓ ਵਾਇਰਲ ਹੋਈ ਸੀ। ਮੁੱਖ ਮੰਤਰੀ ਵੱਲੋਂ ਅਜਿਹੀ ਗਲਤੀ ਕਰਦੇ ਕਿਸੇ ਵੀ ਵਰਦੀਧਾਰੀ ਮੁਲਾਜ਼ਮ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਦੀ ਚਿਤਾਵਨੀ ਵੀ ਦਿੱਤੀ ਗਈ ਹੈ। ਇਸ ਸਬੰਧੀ ਐਸਐਸਪੀ ਤਰਨ ਤਾਰਨ ਵੱਲੋਂ ਹੁਕਮ ਅੱਜ ਜਾਰੀ ਕੀਤੇ ਗਏ। ਮੁੱਖ ਮੰਤਰੀ ਨੇ ਆਪਣੇ ‘ਕੈਪਟਨ ਨੂੰ ਸਵਾਲ’ ਫੇਸਬੁੱਕ ਲਾਈਵ ਸੈਸ਼ਨ ਦੌਰਾਨ ਜਾਂਚ ਪਿੱਛੋਂ ਏ.ਐਸ.ਆਈ. ਨੂੰ ਬਰਖਾਸਤ ਕਰਨ ਦਾ ਐਲਾਨ ਕੀਤਾ ਸੀ। ਮੁੱਖ ਮੰਤਰੀ ਨੇ ਕਿਹਾ ਕਿ ਏ.ਐਸ.ਆਈ. ਜ਼ੋਰਾਵਰ ਸਿੰਘ ਨੂੰ ਨੌਕਰੀ ’ਤੇ ਕਾਇਮ ਰੱਖਣਾ ਸੂਬੇ, ਪੁਲੀਸ ਫੋਰਸ ਅਤੇ ਆਮ ਲੋਕਾਂ ਦੇ ਹਿੱਤਾਂ ਖਿਲਾਫ਼ ਹੋਵੇਗਾ।
ਤਰਨ ਤਾਰਨ ’ਚ ਪੰਜ ਪਾਕਿਸਤਾਨੀ ਘੁਸਪੈਠੀਏ ਹਲਾਕਤਰਨ ਤਾਰਨ/ਭਿੱਖੀਵਿੰਡ,-ਸੀਮਾ ਸੁਰੱਖਿਆ ਬਲ (ਬੀਐੱਸਐੱਫ਼) ਦੀ 103 ਬਟਾਲੀਅਨ ਨੇ ਅੱਜ ਵੱਡੇ ਤੜਕੇ ਪਾਕਿਸਤਾਨ ਨਾਲ ਲਗਦੀ ਸਰਹੱਦ ਤੋਂ ਭਾਰਤ ’ਚ ਦਾਖ਼ਲ ਹੋਣ ਦੀ ਕੋਸ਼ਿਸ਼ ਕਰ ਰਹੇ ਪੰਜ ਘੁਸਪੈਠੀਆਂ ਨੂੰ ਮਾਰ ਮੁਕਾਇਆ। ਖਾਲੜਾ ਥਾਣੇ ਅਧੀਨ ਆਉਂਦੇ ਪਿੰਡ ਡੱਲ ਦੀ ਬੁਰਜੀ ਨੇੜੇ ਪਾਕਿਸਤਾਨੀ ਘੁਸਪੈਠੀਆਂ ਨਾਲ ਹੋਏ ਗਹਿਗੱਚ ਮੁਕਾਬਲੇ ਮਗਰੋਂ ਉਨ੍ਹਾਂ ਦੀਆਂ ਲਾਸ਼ਾਂ ਕੋਲੋਂ ਭਾਰੀ ਮਾਤਰਾ ਵਿੱਚ ਹਥਿਆਰ, ਗੋਲੀ-ਸਿੱਕਾ ਅਤੇ ਹੈਰੋਇਨ ਬਰਾਮਦ ਕੀਤੀ ਗਈ ਹੈ। ਬੀਤੀ ਅੱਧੀ ਰਾਤ ਡੇਢ ਕੁ ਵਜੇ ਦੇ ਕਰੀਬ ਸ਼ੁਰੂ ਹੋਇਆ ਇਹ ਅਪਰੇਸ਼ਨ ਸਵੇਰੇ ਤੱਕ ਜਾਰੀ ਰਿਹਾ| ਬੀਐੱਸਐੱਫ ਦੇ ਆਈਜੀ (ਪੰਜਾਬ ਫਰੰਟੀਅਰ) ਮਹੀਪਾਲ ਯਾਦਵ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਮੌਕੇ ਤੋਂ 45 ਕਰੋੜ ਰੁਪਏ ਮੁੱਲ ਦੀ ਹੈਰੋਇਨ ਦੇ 9 ਪੈਕੇਟ, ਇਕ ਏਕੇ-47 ਰਾਈਫਲ, ਚਾਰ ਪਿਸਤੌਲ, ਅੱਠ ਮੈਗਜ਼ੀਨ, 117 ਰੌਂਦ ਅਤੇ ਦੋ ਮੋਬਾਈਲ ਬਰਾਮਦ ਕੀਤੇ ਗਏ ਹਨ| ਉਨ੍ਹਾਂ ਦੱਸਿਆ ਕਿ ਸ਼ੁੱਕਰਵਾਰ ਰਾਤ ਸਾਢੇ 12 ਵਜੇ ਦੇ ਕਰੀਬ ਸੀਮਾ ਸੁਰੱਖਿਆ ਬਲ ਦੀ 103 ਬਟਾਲੀਅਨ ਦੇ ਜਵਾਨਾਂ ਨੇ ਸੀਸੀਟੀਵੀ ਕੈਮਰਿਆਂ ਵਿੱਚ ਤਾਰ ਤੋਂ ਪਾਰ ਤੋਂ ਹਿਲਜੁਲ ਦੇਖੀ| ਜਵਾਨਾਂ ਨੂੰ ਪਹਿਲਾਂ ਕੈਮਰਿਆਂ ਵਿੱਚ ਦੋ ਜਣਿਆਂ ਦੀ ਹਰਕਤ ਦਿਖਾਈ ਦਿੱਤੀ। ਜਿਵੇਂ ਹੀ ਘੁਸਪੈਠੀਆਂ ਨੇ ਕੰਡਿਆਲੀ ਤਾਰ ਦੇ ਨੇੜੇ ਆ ਕੇ ਹੱਥਾਂ ਵਿੱਚ ਫੜੇ ਪੈਕੇਟ ਤਾਰ ਤੋਂ ਪਾਰ ਸੁੱਟਣ ਦੀ ਕੋਸ਼ਿਸ਼ ਕੀਤੀ ਤਾਂ ਬੀਐੱਸਐੱਫ ਦੇ ਜਵਾਨਾਂ ਨੇ ਉਨ੍ਹਾਂ ਨੂੰ ਵੰਗਾਰਿਆ ਜਿਸ ’ਤੇ ਘੁਸਪੈਠੀਆਂ ਨੇ ਜਵਾਨਾਂ ’ਤੇ ਗੋਲੀਆਂ ਚਲਾ ਦਿੱਤੀਆਂ| ਸੁਰੱਖਿਆ ਬਲਾਂ ਦੇ ਜਵਾਨਾਂ ਨੇ ਜਵਾਬੀ ਫਾਇਰਿੰਗ ਕੀਤੀ| ਦੋਹਾਂ ਧਿਰਾਂ ਵਿਚਕਾਰ ਫਾਇਰਿੰਗ ਸਵੇਰੇ ਸਾਢੇ 5 ਵਜੇ ਤੱਕ ਜਾਰੀ ਰਹੀ| ਜਦੋਂ ਗੋਲੀਬਾਰੀ ਸ਼ਾਂਤ ਹੋ ਗਈ ਤਾਂ ਸਰਚ ਅਪਰੇਸ਼ਨ ਸ਼ੁਰੂ ਕੀਤਾ ਗਿਆ| ਬੀਐੱਸਐੱਫ ਦੇ ਜਵਾਨਾਂ ਨੂੰ ਪੰਜ ਘੁਸਪੈਠੀਆਂ ਦੀਆਂ ਲਾਸ਼ਾਂ ਬਰਾਮਦ ਹੋਈਆਂ|
ਮੁਕਤਸਰ 'ਚ ਬਜ਼ੁਰਗ ਮਾਂ ਦੀ ਮੌਤ ਦੇ ਮਾਮਲੇ 'ਚ ਪੰਜਾਬ ਰਾਜ ਮਹਿਲਾ ਕਮਿਸ਼ਨ ਨੇ ਪੁੱਤਾਂ ਤੇ ਧੀਆਂ ਨੂੰ ਕੀਤਾ ਤਲਬਸ੍ਰੀ ਮੁਕਤਸਰ ਸਾਹਿਬ : ਮੁਕਤਸਰ ਵਿਖੇ ਪੁੱਤਾਂ ਵੱਲੋਂ ਦੁਰਕਾਰੀ 80 ਸਾਲਾ ਮਹਿੰਦਰ ਕੌਰ ਦੀ ਹੋਈ ਦਰਦਨਾਕ ਮੌਤ ਦੇ ਮਾਮਲੇ 'ਤੇ ਕਾਰਵਾਈ ਕਰਦਿਆਂ ਪੰਜਾਬ ਰਾਜ ਮਹਿਲਾ ਕਮਿਸ਼ਨ ਨੇ ਮਾਤਾ ਦੇ ਸਾਰੇ ਧੀਆਂ-ਪੁੱਤਾਂ ਨੂੰ ਆਪਣੇ ਦਫਤਰ ਵਿਖੇ 24 ਅਗਸਤ ਨੂੰ 12 ਵਜੇ ਤਲਬ ਕੀਤਾ ਹੈ। ਇਸ ਸਬੰਧ ਵਿੱਚ ਮਾਤਾ ਦੇ ਪੁੱਤਰ ਰਜਿੰਦਰ ਸਿੰਘ ਰਾਜਾ ਨੇ ਦੱਸਿਆ ਕਿ ਉਨ੍ਹਾਂ ਨੂੰ ਮਹਿਲਾ ਕਮਿਸ਼ਨ ਦਾ ਨੋਟਿਸ ਮਿਲ ਗਿਆ ਹੈ ਜਿਸਦੇ ਅਨੁਸਾਰ ਉਨ੍ਹਾਂ ਨੂੰ 24 ਅਗਸਤ ਨੂੰ ਆਪਣਾ ਸਪੱਸ਼ਟੀਕਰਨ ਦੇਣ ਲਈ ਸੱਦਿਆ ਗਿਆ ਹੈ। ਇਕੱਤਰ ਜਾਣਕਾਰੀ ਅਨੁਸਾਰ ਮਾਤਾ ਦੇ ਦੋ ਪੁੱਤਰ ਅਤੇ ਚਾਰ ਧੀਆਂ ਹਨ, ਵੱਡਾ ਪੁੱਤਰ ਰਜਿੰਦਰ ਸਿੰਘ ਰਾਜਾ ਬਿਜਲੀ ਵਿਭਾਗ ਵਿੱਚੋਂ ਸੇਵਾ ਮੁਕਤ ਹੋਇਆ ਹੈ। ਉਹ ਸਿਆਸਤ ਵਿੱਚ ਵੀ ਹਿੱਸਾ ਲੈਂਦਾ ਹੈ ਤੇ ਹਾਲ ਹੀ 'ਚ ਸ਼੍ਰੋਮਣੀ ਅਕਾਲੀ ਦਲ (ਡੀ) ਪਾਰਟੀ 'ਚ ਸ਼ਾਮਲ ਹੋਇਆ ਸੀ ਪਰ ਮਾਤਾ ਦੀ ਮੌਤ ਤੋਂ ਬਾਅਦ ਦਲ ਦੇ ਪ੍ਰਧਾਨ ਸੁਖਦੇਵ ਸਿੰਘ ਢੀਂਡਸਾ ਨੇ ਉਨ੍ਹਾਂ ਨੂੰ ਦਲ 'ਚੋਂ ਕੱਢ ਦਿੱਤਾ ਸੀ। ਇਸ ਸਬੰਧ 'ਚ ਆਪਣਾ ਪੱਖ ਰੱਖਦਿਆਂ ਰਜਿੰਦਰ ਸਿੰਘ ਰਾਜਾ ਨੇ ਦੱਸਿਆ ਕਿ ਉਨ੍ਹਾਂ ਨੂੰ ਮਾਂ ਦੀ ਇਸ ਦਰਦਨਾਕ ਮੌਤ ਦਾ ਅਫਸੋਸ ਹੈ ਪਰ ਇਸਦੇ ਨਾਲ ਹੀ ਉਨ੍ਹਾਂ ਇਸ ਵਾਸਤੇ ਆਪਣੇ ਭੈਣ-ਭਾਈਆਂ ਨੂੰ ਵੱਧ ਕਸੂਰਵਾਰ ਦੱਸਿਆ।
ਪੰਜਾਬ ਦੇ ਕੋਰੋਨਾ ਵਾਇਰਸ ਸਬੰਧੀ ਅੰਕੜੇ ਡਰਾਉਣ ਵਾਲੇ, ਲੋੜ ਪਈ ਤਾਂ ਹੋਵੇਗੀ ਹੋਰ ਸਖ਼ਤੀ : ਕੈਪਟਨ ਅਮਰਿੰਦਰ ਸਿੰਘਚੰਡੀਗੜ੍ਹ, : ਪੰਜਾਬ ਵਿੱਚ ਲਗਾਤਾਰ ਵੱਧ ਰਹੇ ਕੋਰੋਨਾ ਵਾਇਰਸ ਦੇ ਅੰਕੜੇ ਕਾਫੀ ਡਰਉਣ ਵਾਲੇ ਹਨ, ਇਹ ਕਹਿਣਾ ਹੈ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ। ਅੱਜ ਸ਼ਾਮ ਫੇਸਬੁੱਕ 'ਤੇ ਲਾਈਵ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਦੇ ਲੋਕ ਸਮਾਜੀਕ ਦੂਰੀ ਦੇ ਨਿਯਮਾਂ ਨੂੰ ਭੁੱਲਦੇ ਜਾ ਰਹੇ ਹਨ। ਸੂਬੇ ਅੰਦਰ ਕੋਰੋਨਾ ਵਾਇਰਸ ਦੇ ਕੇਸਾਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ ਤੇ ਇਹ ਵਾਧਾ ਲਗਾਤਾਰ ਬੀਤੇ 5 ਮਹੀਨਿਆਂ ਤੋਂ ਦਰਜ਼ ਕੀਤਾ ਜਾ ਰਿਹਾ ਹੈ। ਉਨ੍ਹਾਂ ਖਦਸ਼ਾ ਜ਼ਾਹਿਰ ਕਰਦਿਆਂ ਕਿਹਾ ਕਿ 3 ਸਤੰਬਰ ਤਕ ਕੋਰੋਨਾ ਦੀ ਲਾਗ ਤੋਂ ਪੀੜਤ ਲੋਕਾਂ ਦਾ ਅੰਕੜਾ 74 ਹਜ਼ਾਰ ਦੇ ਨੇੜੇ ਅਤੇ 18 ਸਤੰਬਰ ਤਕ ਮਰੀਜ਼ਾਂ ਦਾ ਅੰਕੜਾ 1 ਲੱਖ 18 ਹਜ਼ਾਰ ਤੋਂ ਪਾਰ ਹੋ ਸਕਦਾ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਵਿੱਚ ਹੁਣ ਤਕ ਕੋਰੋਨਾ ਮਰੀਜ਼ਾ ਦਾ ਅੰਕੜਾ 40 ਹਜ਼ਾਰ ਦੇ ਨੇੜੇ ਪੁੱਜ ਗਿਆ ਹੈ। ਲਗਾਤਾਰ ਵੱਧ ਰਹੇ ਕੋਰੋਨਾ ਕੇਸਾਂ ਦੇ ਕਾਰਨ ਹੀ ਸਰਕਾਰ ਨੂੰ ਸਖਤੀ ਵਰਤਣੀ ਪਈ ਹੈ। ਸੂਬੇ ਵਿੱਚ ਵੀਕੈਂਡ ਲਾਕਡਾਊਨ ਅਤੇ ਰਾਤ ਦੇ ਕਰਫਿਊ ਦਾ ਸਮਾਂ ਬਦਲਣ ਵਰਗੇ ਸਖ਼ਤ ਕਦਮ ਚੁੱਕਣੇ ਪਏ ਹਨ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਜੇਕਰ 31 ਅਗਸਤ ਤਕ ਹਾਲਾਤ ਸੁਧਰੇ ਨਾ ਤਾਂ ਸਰਕਾਰ ਨੂੰ ਹੋਰ ਸਖ਼ਤ ਕਦਮ ਚੁੱਕਣੇ ਪੈ ਸਕਦੇ ਹਨ। ਉਨ੍ਹਾਂ ਲੋਕਾਂ ਨੂੰ ਲਾਕਡਾਊਨ ਤੇ ਕਰਫਿਊ ਦੇ ਨਿਯਮਾਂ ਦੀ ਸਖਤੀ ਨਾਲ ਪਾਲਣਾ ਕਰਨ ਦੀ ਅਪੀਲ ਕਰਦਿਆਂ ਕਿਹਾ ਕਿ ਜੇਕਰ ਕੋਰੋਨਾ ਵਾਇਰਸ ਦਾ ਅੰਕੜਾ ਇਸੇ ਤਰੀਕੇ ਵੱਧਦਾ ਰਿਹਾ ਤਾਂ ਕੁਝ ਨਹੀਂ ਬੱਚੇਗਾ। ਨਿਯਮਾਂ ਦੀ ਪਰਵਾਹ ਨਾ ਕਰਨ ਵਾਲੇ 3 ਤੋਂ 4 ਹਜ਼ਾਰ ਲੋਕਾਂ ਦੇ ਰੋਜ਼ਾਨਾ ਚਲਾਨ ਕੱਟੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਤੁਸੀਂ ਬਿਮਾਰੀ ਨੂੰ ਬੇਹੱਦ ਹਲਕੇ ਵਿੱਚ ਲੈ ਰਹੇ ਹੋ। ਨਿਯਮ ਮੰਨੋ ਤਾਂ ਹੀ ਬਿਮਾਰੀ ਹਾਰੇਗੀ। ਕੋਰੋਨਾ ਵਾਇਰਸ ਨੂੰ ਤੁਸੀਂ ਹੀ ਰੋਕ ਸਕਦੇ ਹੋ। ਉਨ੍ਹਾਂ ਅਮਰੀਕਾ ਦੀ ਮਿਸਾਲ ਦਿੰਦੇ ਹੋਏ ਕਿਹਾ ਕਿ ਉਥੇ ਅਜੇ ਵੀ ਹਾਲਾਤ ਬੇਹੱਦ ਖਰਾਬ ਹਨ।
ਰਲ ਕੇ ਖੇਡ ਰਹੇ ਨੇ ਕੈਪਟਨ ਤੇ ਬਾਦਲ, ਅਮਰਿੰਦਰ ਸਿੰਘ ਨੇ ਬਾਦਲ ਪਰਿਵਾਰ ਨੂੰ ਮੁੱਖ ਮੰਤਰੀ ਦੀ ਕੁਰਸੀ ਸੌਂਪਣ ਦੀ ਤਿਆਰੀ ਵਿੱਢੀ: ਭਗਵੰਤ ਮਾਨਬਠਿੰਡਾ : ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਅਤੇ ਸੰਗਰੂਰ ਤੋਂ ਲੋਕ ਸਭਾ ਮੈਂਬਰ ਭਗਵੰਤ ਮਾਨ ਨੇ ਕੈਪਟਨ-ਬਾਦਲਾਂ ਦੇ ‘ਗੁਪਤ ਯਾਰਾਨੇ’ ਬੇਪਰਦ ਕਰਦਿਆਂ ਕਿਹਾ ਹੈ ਦੋਵੇਂ ‘ਰਲ’ ਕੇ ਸਿਆਸਤ ਖੇਡ ਰਹੇ ਹਨ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬਾਦਲ ਪਰਿਵਾਰ ਨੂੰ ਮੁੱਖ ਮੰਤਰੀ ਦੀ ਕੁਰਸੀ ਸੌਂਪਣ ਲਈ ਹੁਣ ਤੋਂ ਤਿਆਰੀ ਸ਼ੁਰੂ ਕਰ ਦਿੱਤੀ ਹੈ। ਇਥੇ ਪ੍ਰੈਸ ਕਾਨਫਰੰਸ ਦੌਰਾਨ ਉਨ੍ਹਾਂ ਕੇਂਦਰ ਅਤੇ ਪੰਜਾਬ ਸਰਕਾਰ ’ਤੇ ਕਰੋਨਾ ਦੀ ‘ਆੜ’ ਵਿਚ ਗ਼ਲਤ ਫੈਸਲੇ ਲੈਣ ਦਾ ਇਲਜ਼ਾਮ ਵੀ ਲਾਇਆ। ਮਹਾਮਾਰੀ ਨੂੰ ਮੋਰਚਾ ਬਣਾ ਕੇ ਮੋਦੀ ਸਰਕਾਰ ਨੇ ਖੇਤੀ ਆਰਡੀਨੈਂਸ ਪਾਸ ਕੀਤੇ। ਇਨ੍ਹਾਂ ਨੂੰ ਰੱਦ ਕਰਨ ਲਈ ਆਮ ਆਦਮੀ ਪਾਰਟੀ ਨੇ ਕੈਪਟਨ ਸਰਕਾਰ ਨੂੰ ਪੰਜਾਬ ਵਿਧਾਨ ਸਭਾ ਦਾ ਸਪੈਸ਼ਲ ਇਜਲਾਸ ਸੱਦਣ ਲਈ ਕਿਹਾ ਤਾਂ ਸਰਕਾਰ ਨੇ ਵੀ ਕਰੋਨਾ ਦਾ ਬਹਾਨਾ ਲੱਭ ਲਿਆ। ਕੈਪਟਨ ਤੇ ਬਾਦਲਾਂ ਦੀ ‘ਅੰਦਰੂਨੀ ਮਿੱਤਰਤਾ’ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਹੁਣ ਤਾਂ ਇਸ ਗੱਲ ਦੀ ਪੁਸ਼ਟੀ ਕਾਂਗਰਸੀ ਨੇਤਾਵਾਂ ਪ੍ਰਤਾਪ ਸਿੰਘ ਬਾਜਵਾ ਅਤੇ ਸ਼ਮਸ਼ੇਰ ਸਿੰਘ ਦੂਲੋ ਨੇ ਵੀ ਕਰ ਦਿੱਤੀ ਹੈ। ਮੋਗਾ ਦੇ ਮਿੰਨੀ ਸਕੱਤਰੇਤ ਦੀ ਇਮਾਰਤ ’ਤੇ ਖਾਲਿਸਤਾਨੀ ਝੰਡਾ ਲਹਿਰਾਏ ਜਾਣ ਬਾਰੇ ਉਨ੍ਹਾਂ ਆਪਣੀ ਪਾਰਟੀ ਨੂੰ ਧਰਮ ਨਿਰਪੱਖਤਾ ਦੀ ਝੰਡਾ ਬਰਦਾਰ ਕਿਹਾ। ਵਿਦਿਆਰਥੀਆਂ ਨੂੰ ਮੋਬਾਈਲ ਫ਼ੋਨ ਵੰਡਣ ਬਾਰੇ ਉਨ੍ਹਾਂ ਵਿਅੰਗ ਕੀਤਾ ਕਿ ਜਿਨ੍ਹਾਂ ਨਾਲ ਵਾਅਦਾ ਕੀਤਾ ਸੀ, ਉਹ ਤਾਂ ਬੀਏ ਕਰਕੇ ਕਦੋਂ ਦੇ ਵਿਹਲੇ ਹੋ ਗਏ। ਇਸ ਮੌਕੇ ਪਾਰਟੀ ਦੇ ਆਗੂ ਨੀਲ ਗਰਗ, ਐਡਵੋਕੇਟ ਨਵਦੀਪ ਜੀਦਾ ਹਾਜ਼ਰ ਸਨ।
ਹਰਿਮੰਦਰ ਸਾਹਿਬ ਸਬੰਧੀ ਪੁਸਤਕ ਭਾਈ ਲੌਂਗੋਵਾਲ ਨੂੰ ਭੇਟਅੰਮ੍ਰਿਤਸਰ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਅਤੇ ਹੋਰ ਪ੍ਰਮੁੱਖ ਸ਼ਖ਼ਸੀਅਤਾਂ ਨੂੰ ਸੁਖਮਨੀ ਸੇਵਾ ਵਾਲੇ ਭਾਈ ਰੇਸ਼ਮ ਸਿੰਘ ਵੱਲੋਂ ਆਪਣੀ ਲਿਖੀ ਪੁਸਤਕ ‘ਹਰਿਮੰਦਰ ਰੱਬ ਦਾ ਘਰ’ ਭੇਟ ਕੀਤੀ ਗਈ। ਭਾਈ ਰੇਸ਼ਮ ਸਿੰਘ ਗੁਰਮਤਿ ਦੇ ਵਿਸ਼ਿਆਂ ’ਤੇ ਲਿਖ ਕੇ ਸੰਗਤਾਂ ਵਿਚ ਮੁਫ਼ਤ ਵੰਡਣ ਦੀ ਸੇਵਾ ਨਿਭਾਉਂਦੇ ਹਨ। ਭਾਈ ਲੌਂਗੋਵਾਲ ਨੇ ਭਾਈ ਰੇਸ਼ਮ ਸਿੰਘ ਦੇ ਉਪਰਾਲੇ ਦੀ ਪ੍ਰਸ਼ੰਸਾ ਕੀਤੀ। ਇਸ ਮੌਕੇ ਅੰਤ੍ਰਿੰਗ ਮੈਂਬਰ ਮੰਗਵਿੰਦਰ ਸਿੰਘ ਖਾਪੜਖੇੜੀ, ਮੈਂਬਰ ਭਾਈ ਮਨਜੀਤ ਸਿੰਘ ਭੂਰਾਕੋਹਨਾ, ਭਾਈ ਅਜਾਇਬ ਸਿੰਘ ਅਭਿਆਸੀ, ਅਵਤਾਰ ਸਿੰਘ ਰਿਆ, ਸ਼੍ਰੋਮਣੀ ਕਮੇਟੀ ਦੇ ਸਕੱਤਰ ਮਹਿੰਦਰ ਸਿੰਘ ਆਹਲੀ, ਵਧੀਕ ਸਕੱਤਰ ਸੁਖਦੇਵ ਸਿੰਘ ਭੂਰਾਕੋਹਨਾ, ਸ਼੍ਰੋਮਣੀ ਕਮੇਟੀ ਦੇ ਬੁਲਾਰੇ ਕੁਲਵਿੰਦਰ ਸਿੰਘ ਰਮਦਾਸ, ਮੀਤ ਸਕੱਤਰ ਸਿਮਰਜੀਤ ਸਿੰਘ ਕੰਗ, ਬਾਬਾ ਸੁਖਵਿੰਦਰ ਸਿੰਘ ਅਗਵਾਨ ਆਦਿ ਮੌਜੂਦ ਸਨ।