ਅੰਤਰ-ਰਾਸ਼ਟਰੀ

ਵਾਸ਼ਿੰਗਟਨ-ਜੋਅ ਬਿਡੇਨ ਨੇ ਅਗਾਮੀ ਅਮਰੀਕੀ ਰਾਸ਼ਟਰਪਤੀ ਚੋਣਾਂ ’ਚ ਡੈਮੋਕਰੈਟਿਕ ਪਾਰਟੀ ਦੇ ਉਮੀਦਵਾਰ ਵਜੋਂ ਨਾਮਜ਼ਦਗੀ ਸਵੀਕਾਰ ਕਰ ਲਈ ਹੈ। ਬਿਡੇਨ ਨੇ ਕਿਹਾ ਕਿ ਉਹ ‘ਰੌਸ਼ਨ ਭਵਿੱਖ ਦੇ ਹਾਮੀ ਬਣ ਕੇ ਆਉਣਗੇ।’ ਬਿਡੇਨ ਨੇ ਅਮਰੀਕੀ ਵੋਟਰਾਂ ਨੂੰ ‘ਹਨੇਰੇ ਦੀ ਰੁੱਤ ਤੋਂ ਪਾਰ ਪਾਉਣ ਲਈ’ ਇਕੱਠੇ ਹੋਣ ਦਾ ਸੱਦਾ ਦਿੱਤਾ। ਬਿਡੇਨ ਨੇ ਕਿਹਾ ਕਿ ਰਾਸ਼ਟਰਪਤੀ ਡੋਨਲਡ ਟਰੰਪ ਕਾਰਨ ਅਮਰੀਕਾ ਨੂੰ ਲੰਮੇ ਸਮੇਂ ਤੋਂ ‘ਹਨੇਰੇ ਨੇ ਲਪੇਟਿਆ ਹੋਇਆ ਹੈ।’ ਚਾਰ ਦਿਨ ਚੱਲੀ ‘ਡੈਮੋਕਰੈਟਿਕ ਨੈਸ਼ਨਲ ਕਨਵੈਨਸ਼ਨ’ ਦੇ ਆਖ਼ਰੀ ਦਿਨ ਇਕ ਵੀਡੀਓ ਰਾਹੀਂ ਬਿਡੇਨ (77) ਦੀ ਜ਼ਿੰਦਗੀ ਤੇ ਕਰੀਅਰ, ਇਕ ਪਿਤਾ, ਪਤੀ ਅਤੇ ਸਿਆਸੀ ਆਗੂ ਵਜੋਂ ਉਨ੍ਹਾਂ ਦੀ ਭੂਮਿਕਾ ’ਤੇ ਨਜ਼ਰ ਪਾਈ ਗਈ। ਬਿਡੇਨ ਨੇ ਕਿਹਾ ਕਿ ਉਹ ਅਮਰੀਕੀ ਰਾਸ਼ਟਰਪਤੀ ਵਜੋਂ ਕੋਈ ਫ਼ਰਕ ਨਹੀਂ ਕਰਨਗੇ। ਬਿਡੇਨ ਵੱਲੋਂ ਨਾਮਜ਼ਦਗੀ ਸਵੀਕਾਰ ਕਰਨ ਤੋਂ ਪਹਿਲਾਂ ਉਨ੍ਹਾਂ ਦੇ ਬੱਚਿਆਂ- ਐਸ਼ਲੇ ਬਿਡੇਨ ਤੇ ਹੰਟਰ ਬਿਡੇਨ ਨੇ ਸੰਬੋਧਨ ਕੀਤਾ। ਟਰੰਪ ’ਤੇ ਨਿਸ਼ਾਨਾ ਸੇਧਦਿਆਂ ਬਿਡੇਨ ਨੇ ਕਿਹਾ ਰਾਸ਼ਟਰਪਤੀ ਦੇ ਕਾਰਜਕਾਲ ਵਿਚ ‘ਬਹੁਤ ਜ਼ਿਆਦਾ ਗੁੱਸਾ ਫੁੱਟ ਕੇ ਸਾਹਮਣੇ ਆਇਆ ਹੈ, ਡਰ ਬਹੁਤ ਹੈ, ਵੰਡੀਆਂ ਵੀ ਵੱਡੇ ਪੱਧਰ ਉਤੇ ਪਾਈਆਂ ਗਈਆਂ ਹਨ।’ ਉਨ੍ਹਾਂ ਭਰੋਸਾ ਦਿੱਤਾ ਕਿ ਰਾਸ਼ਟਰਪਤੀ ਚੁਣੇ ਜਾਣ ’ਤੇ ਉਹ ਸਾਰੇ ਫ਼ਰਕ ਦੂਰ ਕਰਨਗੇ।

ਨਿਊਯਾਰਕ:-ਦੁਨੀਆ ’ਚ ਕਰੋਨਾਵਾਇਰਸ ਮਹਾਮਾਰੀ ਕਾਰਨ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 8 ਲੱਖ ਤੋਂ ਪਾਰ ਹੋ ਗਈ ਹੈ। ਜੌਹਨ ਹੌਪਕਿਨਸ ਯੂਨੀਵਰਸਿਟੀ ਦੇ ਅੰਕੜਿਆਂ ਮੁਤਾਬਕ ਕਰੋਨਾ ਪੀੜਤਾਂ ਦੀ ਗਿਣਤੀ 2.30 ਕਰੋੜ ਨੂੰ ਢੁਕ ਗਈ ਹੈ। ਹੁਣ ਤੱਕ ਡੇਢ ਕਰੋੜ ਤੋਂ ਜ਼ਿਆਦਾ ਮਰੀਜ਼ ਠੀਕ ਹੋ ਚੁੱਕੇ ਹਨ। ਸਰਕਾਰਾਂ ਵੱਲੋਂ ਲੋਕਾਂ ਦੀ ਸਿਹਤ ਦੇ ਨਾਲ ਨਾਲ ਅਰਥਚਾਰੇ ’ਚ ਸੁਧਾਰ ਲਈ ਵੀ ਹੰਭਲੇ ਮਾਰੇ ਜਾ ਰਹੇ ਹਨ। ਅਧਿਕਾਰੀਆਂ ਦਾ ਮੰਨਣਾ ਹੈ ਕਿ ਟੈਸਟਿੰਗ ਅਤੇ ਰਿਪੋਰਟਿੰਗ ਦੀ ਕਮੀ ਕਾਰਨ ਕਰੋਨਾ ਪੀੜਤਾਂ ਦੀ ਗਿਣਤੀ ਕਿਤੇ ਵਧੇਰੇ ਹੋਵੇਗੀ।
ਭਾਰਤ ਨਾਲ ਵਖ਼ਰੇਵੇਂ ਦੂਰ ਕਰਨ ਲਈ ਚੀਨ ਤਿਆਰ
ਪੇਈਚਿੰਗ-ਚੀਨ ਨੇ ਅੱਜ ਕਿਹਾ ਹੈ ਕਿ ਉਹ ਭਾਰਤ ਨਾਲ ਆਪਸੀ ਰਾਜਨੀਤਕ ਭਰੋਸਾ ਮਜ਼ਬੂਤ ਕਰਨ ਦੇ ਲਈ ਕੰਮ ਕਰਨ ਨੂੰ ਤਿਆਰ ਹੈ। ਇਸ ਦੇ ਨਾਲ ਹੀ ਵਖ਼ਰੇਵਿਆਂ ਨੂੰ ਦੂਰ ਕਰਨ ਲਈ ਵੀ ਯਤਨ ਕੀਤੇ ਜਾਣਗੇ ਅਤੇ ਦੁਵੱਲੇ ਰਿਸ਼ਤਿਆਂ ਨੂੰ ਵਿਕਸਿਤ ਕਰਨ ਲਈ ਲੰਮੇ ਸਮੇਂ ਲਈ ਕੋਸ਼ਿਸ਼ਾਂ ਕੀਤੀਆਂ ਜਾਣਗੀਆਂ। ਚੀਨੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਝਾਓ ਲਿਜੀਅਨ ਨੇ ਪੱਛਮੀ ਮੀਡੀਆ ਦੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਇਹ ਵਿਚਾਰ ਪ੍ਰਗਟਾਏ ਹਨ। ਮੀਡੀਆ ਨੇ ਜਦ ਉਨ੍ਹਾਂ ਤੋਂ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਦਿੱਤੀ ਪ੍ਰਤੀਕਿਰਿਆ ਬਾਰੇ ਚੀਨ ਦਾ ਪੱਖ ਪੁੱਛਿਆ ਤਾਂ ਉਨ੍ਹਾਂ ਕਿਹਾ ਕਿ ‘ਅਸੀਂ ਪ੍ਰਧਾਨ ਮੰਤਰੀ ਮੋਦੀ ਦਾ ਭਾਸ਼ਣ ਸੁਣਿਆ ਹੈ। ਅਸੀਂ ਨੇੜਲੇ ਗੁਆਂਢੀ ਹਾਂ, ਅਰਬ ਅਬਾਦੀ ਤੋਂ ਵੱਧ ਵਾਲੇ ਉੱਭਰ ਰਹੇ ਮੁਲਕ ਹਾਂ। ਇਸ ਲਈ ਦੁਵੱਲੇ ਰਿਸ਼ਤਿਆਂ ਦੀ ਮਜ਼ਬੂਤੀ ਦੋਵਾਂ ਮੁਲਕਾਂ ਦੇ ਲੋਕਾਂ ਦੇ ਹਿੱਤ ਹੀ ਨਹੀਂ ਪੂਰਦੀ ਬਲਕਿ ਖਿੱਤੇ ਅਤੇ ਸੰਸਾਰ ਦੀ ਸਥਿਰਤਾ, ਸ਼ਾਂਤੀ, ਖੁਸ਼ਹਾਲੀ ਲਈ ਵੀ ਅਹਿਮ ਹੈ। ਉਨ੍ਹਾਂ ਕਿਹਾ ਕਿ ਦੋਵਾਂ ਧਿਰਾਂ ਲਈ ਸਹੀ ਰਾਹ ਇਹੀ ਹੈ ਕਿ ਇਕ-ਦੂਜੇ ਦਾ ਸਤਿਕਾਰ ਤੇ ਸਹਿਯੋਗ ਕੀਤਾ ਜਾਵੇ। ਇਸ ਨਾਲ ਭਵਿੱਖੀ ਹਿੱਤ ਵੀ ਸੁਰੱਖਿਅਤ ਹੁੰਦੇ ਹਨ। ਜ਼ਿਕਰਯੋਗ ਹੈ ਕਿ ਮੋਦੀ ਨੇ ਕਿਹਾ ਸੀ ਕਿ ਭਾਰਤੀ ਸੁਰੱਖਿਆ ਬਲਾਂ ਨੇ ਦੇਸ਼ ਦੀ ਅਖੰਡਤਾ ਨੂੰ ਚੁਣੌਤੀ ਦੇਣ ਵਾਲਿਆਂ ਨੂੰ ‘ਐਲਓਸੀ ਤੋਂ ਐਲਏਸੀ’ ਤੱਕ ਠੋਕਵਾਂ ਜਵਾਬ ਦਿੱਤਾ ਹੈ। ਉਨ੍ਹਾਂ ਨਾਲ ਹੀ ਕਿਹਾ ਸੀ ਕਿ ਭਾਰਤ ਅਤਿਵਾਦ ਦੇ ਨਾਲ-ਨਾਲ ਵਿਸਤਾਰਵਾਦ ਨਾਲ ਵੀ ਦ੍ਰਿੜ੍ਹਤਾ ਨਾਲ ਲੜ ਰਿਹਾ ਹੈ। ਅਸਲ ਕੰਟਰੋਲ ਰੇਖਾ (ਐਲਏਸੀ) ਉਤੇ ਭਾਰਤ ਤੇ ਚੀਨ ਵਿਚਾਲੇ ਕਈ ਮਹੀਨਿਆਂ ਤੋਂ ਤਣਾਅ ਬਣਿਆ ਹੋਇਆ ਹੈ।
ਅਮਰੀਕੀ ਚੋਣਾਂ: ਡੈਮੋਕਰੈਟਿਕ ਸੰਮੇਲਨ ਇਤਿਹਾਸ ਸਿਰਜਣ ਲਈ ਤਿਆਰ
ਵਾਸ਼ਿੰਗਟਨ-ਇੱਥੇ ਅੱਜ ਤੋਂ ਸ਼ੁਰੂ ਹੋਏ ਡੈਮੋਕਰੈਟਿਕ ਕੌਮੀ ਸੰਮੇਲਨ ਨੇ ਸੈਨੇਟਰ ਕਮਲਾ ਹੈਰਿਸ ਨੂੰ ਉਪ ਰਾਸ਼ਟਰਪਤੀ ਅਹੁਦੇ ਲਈ ਡੈਮੋਕਰੈਟਿਕ ਪਾਰਟੀ ਦੀ ਉਮੀਦਵਾਰ ਐਲਾਨ ਕੇ ਇਤਿਹਾਸ ਸਿਰਜ ਦਿੱਤਾ ਹੈ। ਇਹ ਪਹਿਲੀ ਵਾਰ ਹੈ ਕਿ ਕਿਸੇ ਪ੍ਰਮੁੱਖ ਪਾਰਟੀ ਨੇ ਉਪ ਰਾਸ਼ਟਰਪਤੀ ਦੇ ਅਹੁਦੇ ਲਈ ਕਿਸੇ ਸਿਆਹਫਾਮ ਅਤੇ ਕਿਸੇ ਭਾਰਤੀ ਤੇ ਅਫ਼ਰੀਕੀ ਮੂਲ ਦੇ ਅਮਰੀਕੀ ਨੂੰ ਉਮੀਦਵਾਰ ਐਲਾਨਿਆ ਹੈ। ਕੈਲੀਫੋਰਨੀਆ ਦੇ ਅਟਾਰਨੀ ਵਜੋਂ ਆਪਣੇ ਕਰੀਅਰ ਦੀ ਸ਼ੁਰੂਆਤ ਕਰਨ ਵਾਲੀ ਕਮਲਾ ਹੈਰਿਸ (55) ਉਪ ਰਾਸ਼ਟਰਪਤੀ ਦੇ ਉਮੀਦਵਾਰ ਵਜੋਂ ਨਾਮਜ਼ਦਗੀ ਦਾਖ਼ਲ ਕਰ ਕੇ ਅਮਰੀਕੀ ਰਾਜਨੀਤੀ ’ਚ ਇਕ ਹੋਰ ਨਵਾਂ ਇਤਿਹਾਸ ਸਿਰਜ ਦੇਵੇਗੀ। ਜਮਾਇਕਾ ਦੇ ਰਹਿਣ ਵਾਲੇ ਪਿਤਾ ਤੇ ਭਾਰਤੀ ਮਾਂ ਤੋਂ ਜਨਮੀ ਹੈਰਿਸ ਸਾਂ ਫਰਾਂਸਿਸਕੋ ਦੀ ਜ਼ਿਲ੍ਹਾ ਅਟਾਰਨੀ ਵੀ ਰਹੀ ਹੈ ਜੋ ਇਸ ਅਹੁਦੇ ’ਤੇ ਚੁਣੀ ਜਾਣ ਵਾਲੀ ਪਹਿਲੀ ਅਫ਼ਰੀਕੀ-ਅਮਰੀਕੀ ਅਤੇ ਭਾਰਤੀ ਮੂਲ ਦੀ ਵਿਅਕਤੀ ਸੀ। ਅਮਰੀਕੀ ਸੈਨੇਟ ’ਚ ਸ਼ਾਮਲ ਤਿੰਨ ਏਸ਼ਿਆਈ-ਅਮਰੀਕੀਆਂ ’ਚੋਂ ਉਹ ਇਕ ਹੈ ਅਤੇ ਉਹ ਇਸ ਚੈਂਬਰ ’ਚ ਸੇਵਾ ਨਿਭਾਉਣ ਵਾਲੀ ਪਹਿਲੀ ਭਾਰਤੀ-ਅਮਰੀਕੀ ਹੈ। ਜ਼ਿਕਰਯੋਗ ਹੈ ਕਿ 17 ਅਗਸਤ ਤੋਂ ਸ਼ੁਰੂ ਹੋਏ ਡੈਮੋਕਰੈਟਿਕ ਕੌਮੀ ਸੰਮੇਲਨ ’ਚ ਹੈਰਿਸ 19 ਤਰੀਕ ਨੂੰ ਭਾਸ਼ਣ ਦੇਵੇਗੀ। ਇਸੇ ਦੌਰਾਨ ਡੈਮੋਕਰੈਟਿਕ ਪਾਰਟੀ ਦੀ ਉਪ ਰਾਸ਼ਟਰਪਤੀ ਅਹੁਦੇ ਲਈ ਉਮੀਦਵਾਰ ਕਮਲਾ ਹੈਰਿਸ ਨੇ ਰਾਸ਼ਟਰਪਤੀ ਡੋਨਲਡ ਟਰੰਪ ਨੂੰ ਕਰਾਰੇ ਹੱਥੀਂ ਲੈਂਦਿਆਂ ਕਿਹਾ ਕਿ ਅਮਰੀਕੀ ਲੋਕਾਂ ਨੂੰ ਪ੍ਰਭਾਵਿਤ ਕਰਨ ਵਾਲੇ ਅਸਲ ਮਸਲਿਆਂ ਤੋਂ ਧਿਆਨ ਭਟਕਾਉਣ ਲਈ ਟਰੰਪ ਤੇ ਉਨ੍ਹਾਂ ਦੀ ਚੋਣ ਮੁਹਿੰਮ ਝੂਠ ਅਤੇ ਹੋਛੇ ਹੱਥਕੰਡਿਆਂ ’ਤੇ ਆਧਾਰਤ ਹੈ। ਉਹ ਰਾਸ਼ਟਰਪਤੀ ਟਰੰਪ ਵੱਲੋਂ ਉਪ ਰਾਸ਼ਟਰਪਤੀ ਵਜੋਂ ਸੇਵਾ ਨਿਭਾਉਣ ਸਬੰਧੀ ਉਸ ਦੀ ਯੋਗਤਾ ’ਤੇ ਚੁੱਕੇ ਗਏ ਸਵਾਲਾਂ ਦੇ ਜਵਾਬ ਦੇ ਰਹੀ ਸੀ।
ਬੀਜਿੰਗ 'ਚ ਹੁਣ ਮਾਸਕ ਪਾਉਣ ਦੀ ਜ਼ਰੂਰਤ ਨਹੀਂ
ਬੀਜਿੰਗ : ਕੋਰੋਨਾ ਵਾਇਰਸ ਦੇ ਪਸਾਰ ਦਾ ਕੇਂਦਰ ਬਣੇ ਚੀਨ 'ਚ ਮਹਾਮਾਰੀ 'ਤੇ ਰੋਕ ਲੱਗਣ ਤੋਂ ਬਾਅਦ ਤੋਂ ਬਾਅਦ ਜਨਜੀਵਨ ਹੌਲੀ ਹੌਲੀ ਲੀਹ 'ਤੇ ਆਉਣਾ ਸ਼ੁਰੂ ਹੋ ਗਿਆ ਹੈ। ਇਸੇ ਲੜੀ 'ਚ ਰਾਜਧਾਨੀ ਬੀਜਿੰਗ ਦੇ ਸਿਹਤ ਅਧਿਕਾਰੀਆਂ ਨੇ ਸ਼ੁੱਕਰਵਾਰ ਨੂੰ ਐਲਾਨ ਕੀਤਾ ਕਿ ਸ਼ਹਿਰ 'ਚ ਹੁਣ ਮਾਸਕ ਪਾਉਣ ਦੀ ਜ਼ਰੂਰਤ ਨਹੀਂ ਹੈ। ਲੋਕ ਬਗ਼ੈਰ ਮਾਸਕ ਦੇ ਬਾਹਰ ਨਿਕਲ ਸਕਦੇ ਹਨ। ਇਹ ਕਦਮ ਅਜਿਹੇ ਸਮੇਂ ਚੁੱਕਿਆ ਜੈ ਰਿਹਾ ਹੈ ਜਦੋਂ ਕਰੀਬ-ਕਰੀਬ ਪੂਰੀ ਦੁਨੀਆ ਮਹਾਮਾਰੀ ਨਾਲ ਜੂਝ ਰਹੀ ਹੈ। ਕਈ ਦੇਸ਼ਾਂ 'ਚ ਇਨਫੈਕਸ਼ਨ ਦੀ ਰੋਕਥਾਮ 'ਚ ਮਾਸਕ ਜ਼ਰੂਰੀ ਕਰ ਦਿੱਤਾ ਹੈ। ਸਰਕਾਰੀ ਡਾਟੇ ਮੁਤਾਬਕ ਬੀਜਿੰਗ 'ਚ ਬੀਤੇ ਫਰਵਰੀ ਤੋਂ ਹੁਣ ਤਕ ਕੁਲ 935 ਇਨਫੈਕਟਿਡ ਪਾਏ ਗਏ। ਇਨ੍ਹਾਂ 'ਚੋਂ 924 ਉੱਭਰ ਗਏ ਤੇ ਨੌਂ ਪੀੜਤਾਂ ਦੀ ਮੌਤ ਹੋ ਗਈ। ਸ਼ਹਿਰ ਦੇ ਰੋਗ ਕੰਟਰੋਲ ਕੇਂਦਰ ਵੱਲੋਂ ਜਾਰੀ ਨਵੇਂ ਦਿਸ਼ਾ-ਨਿਰਦੇਸ਼ਾਂ 'ਚ ਕਿਹਾ ਗਿਆ ਹੈ ਕਿ ਲੋਕਾਂ ਨੂੰ ਹੁਣ ਘਰੋਂ ਬਾਹਰ ਮਾਸਕ ਪਾਉਣ ਦੀ ਜ਼ਰੂਰਤ ਨਹੀਂ ਹੈ। ਹਾਲਾਂਕਿ ਦੂਜਿਆਂ ਦੇ ਨੇੜੇ ਜਾਣ ਵੇਲੇ ਮਾਸਕ ਅਜੇ ਵੀ ਜ਼ਰੂਰੀ ਹੈ। ਉਨ੍ਹਾਂ ਲੋਕਾਂ ਨੂੰ ਵਿਆਹ, ਜਨਮ ਦਿਨ ਦੀ ਪਾਰਟੀ ਤੇ ਦੂਜੇ ਇਕੱਠਾਂ ਤੋਂ ਦੂਰ ਰਹਿਣ ਨੂੰ ਕਿਹਾ ਗਿਆ ਹੈ, ਜਿਹੜੇ ਬੁਖਾਰ ਜਾਂ ਸਾਹ ਸਬੰਧੀ ਮੁਸ਼ਕਲਾਂ ਨਾਲ ਜੂਝ ਰਹੇ ਲੋਕਾਂ ਦੇ ਸੰਪਰਕ 'ਚ ਰਹੇ ਹਨ। ਚੀਨ ਦੇ ਰਾਸ਼ਟਰੀ ਸਿਹਤ ਕਮਿਸ਼ਨ ਮੁਤਾਬਕ ਦੇਸ਼ ਭਰ 'ਚ ਕੁਲ 84 ਹਜ਼ਾਰ 917 ਇਨਫੈਕਟਿਡ ਪਾਏ ਗਏ। ਇਨ੍ਹਾਂ 'ਚੋਂ 491 ਦਾ ਅਜੇ ਵੀ ਇਲਾਜ ਚੱਲ ਰਿਹਾ ਹੈ। 79 ਹਜ਼ਾਰ 792 ਠੀਕ ਹੋ ਚੁੱਕੇ ਹਨ। 4,634 ਪੀੜਤਾਂ ਦੀ ਜਾਨ ਗਈ ਹੈ।
ਚੀਨ ਨੇ ਅਮਰੀਕਾ ਦੇ 11 ਅਧਿਕਾਰੀਆਂ ਤੇ ਲਾਈਆਂ ਪਾਬੰਦੀਆਂ
ਬੀਜਿੰਗ- ਚੀਨੀ ਵਿਦੇਸ਼ ਮੰਤਰਾਲੇ ਦੇ ਬੁਲਾਰੇ, ਜ਼ਾਓ ਲੀਜਿਆਨ ਨੇ ਸੋਮਵਾਰ ਨੂੰ ਕਿਹਾ ਕਿ ਹਾਂਗ ਕਾਂਗ ਨੂੰ ਲੈ ਕੇ ਵਾਸ਼ਿੰਗਟਨ ਵੱਲੋਂ ਲਗਾਈਆਂ ਗਈਆਂ ਪਾਬੰਦੀਆਂ ਦੇ ਜਵਾਬ ਵਿਚ ਚੀਨ ਨੇ ਅਮਰੀਕਾ ਉੱਤੇ ਪਾਬੰਦੀਆਂ ਲਗਾਈਆਂ ਹਨ। ਚੀਨ ਦੀਆਂ ਪਾਬੰਦੀਆਂ ਕਾਰਨ ਸੈਨੇਟਰ ਮਾਰਕੋ ਰੂਬੀਓ ਅਤੇ ਟੇਡ ਕਰੂਜ਼ ਸਣੇ ਹੋਰ ਕਈਆਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ। ਚੀਨ ਨੇ 11 ਅਮਰੀਕੀ ਅਧਿਕਾਰੀਆਂ ‘ਤੇ ਪਾਬੰਦੀਆਂ ਲਾਈਆਂ ਹਨ। ਸ਼ੁੱਕਰਵਾਰ ਨੂੰ ਅਮਰੀਕਾ ਨੇ ਹਾਂਗ ਕਾਂਗ ਦੀ ਖੁਦਮੁਖਤਿਆਰੀ ਨੂੰ ਕਮਜ਼ੋਰ ਕਰਨ ਦੀ ਕਥਿਤ ਕੋਸ਼ਿਸ਼ ਦੇ ਜਵਾਬ ਵਿਚ 11 ਵਿਅਕਤੀਆਂ ‘ਤੇ ਪਾਬੰਦੀਆਂ ਲਗਾਈਆਂ ਸਨ। ਦੱਸ ਦਈਏ ਕਿ ਅਮਰੀਕਾ ਨੇ ਹਾਂਗਕਾਂਗ ਵਿਸ਼ੇਸ਼ ਪ੍ਰਸ਼ਾਸਨਿਕ ਖੇਤਰ ਦੇ ਮੁੱਖ ਕਾਰਜਾਕਰੀ ਕੈਰੀ ਲੈਮ, ਹਾਂਗਕਾਂਗ ਦੇ ਪੁਲਸ ਬਲ ਕਮਿਸ਼ਨਰ ਕਰਿਸ ਟੈਂਗ, ਐੱਚ. ਕੇ. ਪੀ. ਐੱਫ. ਦੇ ਸਾਬਕਾ ਕਮਿਸ਼ਨਰ ਸਟੀਫਨ ਲੋ, ਐੱਚ. ਕੇ. ਐੱਸ. ਆਰ. ਦੇ ਸੁਰੱਖਿਆ ਸਕੱਤਰ ਜਾਨ ਲੀ ਅਤੇ ਐੱਚ. ਕੇ. ਐੱਸ. ਆਰ. ਸਕੱਤਰ ਜਸਟਿਸ ਟੇਰੇਸਾ ਚੇਂਗ ਸਣੇ ਹੋਰ ਲੋਕਾਂ ‘ਤੇ ਪਾਬੰਦੀਆਂ ਲਗਾਈਆਂ ਹਨ।