ਵਾਸ਼ਿੰਗਟਨ-ਜੋਅ ਬਿਡੇਨ ਨੇ ਅਗਾਮੀ ਅਮਰੀਕੀ ਰਾਸ਼ਟਰਪਤੀ ਚੋਣਾਂ ’ਚ ਡੈਮੋਕਰੈਟਿਕ ਪਾਰਟੀ ਦੇ ਉਮੀਦਵਾਰ ਵਜੋਂ ਨਾਮਜ਼ਦਗੀ ਸਵੀਕਾਰ ਕਰ ਲਈ ਹੈ। ਬਿਡੇਨ ਨੇ ਕਿਹਾ ਕਿ ਉਹ ‘ਰੌਸ਼ਨ ਭਵਿੱਖ ਦੇ ਹਾਮੀ ਬਣ ਕੇ ਆਉਣਗੇ।’ ਬਿਡੇਨ ਨੇ ਅਮਰੀਕੀ ਵੋਟਰਾਂ ਨੂੰ ‘ਹਨੇਰੇ ਦੀ ਰੁੱਤ ਤੋਂ ਪਾਰ ਪਾਉਣ ਲਈ’ ਇਕੱਠੇ ਹੋਣ ਦਾ ਸੱਦਾ ਦਿੱਤਾ। ਬਿਡੇਨ ਨੇ ਕਿਹਾ ਕਿ ਰਾਸ਼ਟਰਪਤੀ ਡੋਨਲਡ ਟਰੰਪ ਕਾਰਨ ਅਮਰੀਕਾ ਨੂੰ ਲੰਮੇ ਸਮੇਂ ਤੋਂ ‘ਹਨੇਰੇ ਨੇ ਲਪੇਟਿਆ ਹੋਇਆ ਹੈ।’ ਚਾਰ ਦਿਨ ਚੱਲੀ ‘ਡੈਮੋਕਰੈਟਿਕ ਨੈਸ਼ਨਲ ਕਨਵੈਨਸ਼ਨ’ ਦੇ ਆਖ਼ਰੀ ਦਿਨ ਇਕ ਵੀਡੀਓ ਰਾਹੀਂ ਬਿਡੇਨ (77) ਦੀ ਜ਼ਿੰਦਗੀ ਤੇ ਕਰੀਅਰ, ਇਕ ਪਿਤਾ, ਪਤੀ ਅਤੇ ਸਿਆਸੀ ਆਗੂ ਵਜੋਂ ਉਨ੍ਹਾਂ ਦੀ ਭੂਮਿਕਾ ’ਤੇ ਨਜ਼ਰ ਪਾਈ ਗਈ। ਬਿਡੇਨ ਨੇ ਕਿਹਾ ਕਿ ਉਹ ਅਮਰੀਕੀ ਰਾਸ਼ਟਰਪਤੀ ਵਜੋਂ ਕੋਈ ਫ਼ਰਕ ਨਹੀਂ ਕਰਨਗੇ। ਬਿਡੇਨ ਵੱਲੋਂ ਨਾਮਜ਼ਦਗੀ ਸਵੀਕਾਰ ਕਰਨ ਤੋਂ ਪਹਿਲਾਂ ਉਨ੍ਹਾਂ ਦੇ ਬੱਚਿਆਂ- ਐਸ਼ਲੇ ਬਿਡੇਨ ਤੇ ਹੰਟਰ ਬਿਡੇਨ ਨੇ ਸੰਬੋਧਨ ਕੀਤਾ। ਟਰੰਪ ’ਤੇ ਨਿਸ਼ਾਨਾ ਸੇਧਦਿਆਂ ਬਿਡੇਨ ਨੇ ਕਿਹਾ ਰਾਸ਼ਟਰਪਤੀ ਦੇ ਕਾਰਜਕਾਲ ਵਿਚ ‘ਬਹੁਤ ਜ਼ਿਆਦਾ ਗੁੱਸਾ ਫੁੱਟ ਕੇ ਸਾਹਮਣੇ ਆਇਆ ਹੈ, ਡਰ ਬਹੁਤ ਹੈ, ਵੰਡੀਆਂ ਵੀ ਵੱਡੇ ਪੱਧਰ ਉਤੇ ਪਾਈਆਂ ਗਈਆਂ ਹਨ।’ ਉਨ੍ਹਾਂ ਭਰੋਸਾ ਦਿੱਤਾ ਕਿ ਰਾਸ਼ਟਰਪਤੀ ਚੁਣੇ ਜਾਣ ’ਤੇ ਉਹ ਸਾਰੇ ਫ਼ਰਕ ਦੂਰ ਕਰਨਗੇ।