ਚੰਡੀਗੜ੍ਹ,-ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਹੁਕਮਾਂ ’ਤੇ ਪੰਜਾਬ ਪੁਲੀਸ ਦੇ ਏ.ਐਸ.ਆਈ./ਐਲ.ਆਰ. ਜ਼ੋਰਾਵਰ ਸਿੰਘ ਨੂੰ ਬਰਖਾਸਤ ਕਰ ਦਿੱਤਾ ਗਿਆ ਹੈ ਜਿਸ ਦੀ ਚਿੱਟਾ ਪੀਂਦੇ ਦੀ ਵੀਡੀਓ ਵਾਇਰਲ ਹੋਈ ਸੀ। ਮੁੱਖ ਮੰਤਰੀ ਵੱਲੋਂ ਅਜਿਹੀ ਗਲਤੀ ਕਰਦੇ ਕਿਸੇ ਵੀ ਵਰਦੀਧਾਰੀ ਮੁਲਾਜ਼ਮ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਦੀ ਚਿਤਾਵਨੀ ਵੀ ਦਿੱਤੀ ਗਈ ਹੈ। ਇਸ ਸਬੰਧੀ ਐਸਐਸਪੀ ਤਰਨ ਤਾਰਨ ਵੱਲੋਂ ਹੁਕਮ ਅੱਜ ਜਾਰੀ ਕੀਤੇ ਗਏ। ਮੁੱਖ ਮੰਤਰੀ ਨੇ ਆਪਣੇ ‘ਕੈਪਟਨ ਨੂੰ ਸਵਾਲ’ ਫੇਸਬੁੱਕ ਲਾਈਵ ਸੈਸ਼ਨ ਦੌਰਾਨ ਜਾਂਚ ਪਿੱਛੋਂ ਏ.ਐਸ.ਆਈ. ਨੂੰ ਬਰਖਾਸਤ ਕਰਨ ਦਾ ਐਲਾਨ ਕੀਤਾ ਸੀ। ਮੁੱਖ ਮੰਤਰੀ ਨੇ ਕਿਹਾ ਕਿ ਏ.ਐਸ.ਆਈ. ਜ਼ੋਰਾਵਰ ਸਿੰਘ ਨੂੰ ਨੌਕਰੀ ’ਤੇ ਕਾਇਮ ਰੱਖਣਾ ਸੂਬੇ, ਪੁਲੀਸ ਫੋਰਸ ਅਤੇ ਆਮ ਲੋਕਾਂ ਦੇ ਹਿੱਤਾਂ ਖਿਲਾਫ਼ ਹੋਵੇਗਾ।