ਦੋਦਾ-ਭਲਾਈਆਣਾ ਵਿਚ ਪਰਿਵਾਰਕ ਝਗੜੇ ਦੌਰਾਨ ਵਿਆਹੁਤਾ ਲੜਕੀ ਦੇ ਰਿਸ਼ਤੇਦਾਰਾਂ ਨੇ ਲੜਕੀ ਦੇ ਸਹੁਰਾ ਪਰਿਵਾਰ ’ਤੇ ਗੋਲੀਆਂ ਚਲਾ ਦਿੱਤੀਆਂ, ਜਿਸ ਕਾਰਨ ਲੜਕੀ ਦਾ ਪਤੀ ਗੰਭੀਰ ਜ਼ਖ਼ਮੀ ਹੋ ਗਿਆ। ਪੀੜਤ ਨੌਜਵਾਨ ਦੀ ਮਾਤਾ ਗੁਰਪ੍ਰੀਤ ਕੌਰ ਨੇ ਦੱਸਿਆ ਕਿ ਉਨ੍ਹਾਂ ਦਾ ਲੜਕਾ ਜੀਵਨ ਸਿੰਘ, ਗੁਰਪਿੰਦਰ ਕੌਰ ਪੁੱਤਰੀ ਗੁਰਦੀਪ ਸਿੰਘ ਵਾਸੀ ਪਿੰਡ ਗੰਗਾ ਨਾਲ ਵਿਆਹਿਆ ਹੋਇਆ ਹੈ। ਚਾਰ ਸਾਲਾਂ ਤੋਂ ਉਨ੍ਹਾਂ ’ਚ ਅਣਬਣ ਚੱਲ ਰਹੀ ਸੀ। ਅੱਜ ਇਸੇ ਰੰਜਿਸ਼ ਤਹਿਤ ਲੜਕੇ ਦੇ ਸਹੁਰੇ ਪਰਿਵਾਰ ਵਾਲੇ ਆਪਣੀ ਲੜਕੀ ਨੂੰ ਘਰ ਛੱਡਣ ਦੇ ਬਹਾਨੇ ਦੋ ਕਾਰਾਂ ’ਚ ਆਏ ਅਤੇ ਉਨ੍ਹਾਂ ’ਤੇ ਗੋਲੀਆਂ ਚਲਾ ਦਿੱਤੀਆਂ। ਇਸ ਦੌਰਾਨ ਜੀਵਨ ਸਿੰਘ ਦੇ ਗੋਲੀ ਵੱਜ ਗਈ ਤੇ ਉਹ ਗੰਭੀਰ ਜ਼ਖ਼ਮੀ ਹੋ ਗਿਆ। ਉਸ ਨੂੰ ਸਰਕਾਰੀ ਹਸਪਤਾਲ ਦੋਦਾ ਤੋਂ ਬਠਿੰਡਾ ਰੈਫਰ ਕੀਤਾ ਗਿਆ ਹੈ। ਕੋਟਭਾਈ ਦੇ ਐੱਸਐੱਚਓ ਅੰਗਰੇਜ਼ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।