ਨਵੀਂ ਦਿੱਲੀ:-ਕਰੋਨਾਵਾਇਰਸ ਲਈ ਲਾਰ ਨਾਲ ਕਿਫਾਇਤੀ ਜਾਂਚ ’ਚ ਲੋਕ ਖੁਦ ਹੀ ਬਹੁਤ ਘੱਟ ਪ੍ਰੇਸ਼ਾਨੀ ਨਾਲ ਆਪਣਾ ਨਮੂਨਾ ਲੈ ਸਕਣਗੇ ਅਤੇ ਇਸ ’ਚ ਨੱਕ ਜਾਂ ਗਲੇ ਅੰਦਰੋਂ ਸਵੈਬ ਦਾ ਨਮੂਨਾ ਲੈਣ ਦੀ ਲੋੜ ਨਹੀਂ ਹੋਵੇਗੀ। ਵਿਗਿਆਨੀਆਂ ਮੁਤਾਬਕ ਇਹ ਕਰੋਨਾ ਦਾ ਪਤਾ ਲਗਾਉਣ ਦਾ ਆਸਾਨ ਤਰੀਕਾ ਹੋ ਸਕਦਾ ਹੈ। ਭਾਰਤ ’ਚ ਜਾਂਚ ਦਾ ਇਹ ਤਰੀਕਾ ਅਜੇ ਸ਼ੁਰੂ ਨਹੀਂ ਹੋਇਆ ਹੈ। ਵਿਗਿਆਨੀਆਂ ਨੇ ਇਸ ਬਦਲਵੀ ਜਾਂਚ ਪ੍ਰਣਾਲੀ ’ਤੇ ਮੋਹਰ ਲਗਾਉਂਦਿਆਂ ਕਿਹਾ ਕਿ ਇਸ ਦੇ ਨਤੀਜੇ ਛੇਤੀ ਅਤੇ ਸਟੀਕ ਹੋਣਗੇ। ਨਮੂਨੇ ਇਕੱਠੇ ਕਰਨ ਸਮੇਂ ਸਿਹਤ ਕਮਰੀਆਂ ਲਈ ਜੋਖਮ ਵੀ ਘੱਟ ਰਹੇਗਾ। ਚੇਨਈ ਦੀ ਐੱਲਐਂਡਟੀ ਮਾਈਕਰੋਬਾਇਲੋਜੀ ਰਿਸਰਚ ਸੈਂਟਰ ਦੇ ਸੀਨੀਅਰ ਸਹਾਇਕ ਪ੍ਰੋਫ਼ੈਸਰ ਏ ਆਰ ਆਨੰਦ ਨੇ ਦੱਸਿਆ ਕਿ ਇਹ ਟੈਸਟ ਵਿਸ਼ੇਸ਼ ਤਰ੍ਹਾਂ ਦਾ ਵੀ ਹੈ ਕਿਉਂਕਿ ਇਸ ’ਚ ਆਰਐੱਨਏ (ਰਾਈਬੋ ਨਿਊਕਲਿਕ ਐਸਿਡ) ਨੂੰ ਵੱਖ ਕਰਨ ਦੀ ਲੋੜ ਨਹੀਂ ਹੁੰਦੀ ਹੈ। ਇਹ ਇਸ ਲਈ ਵੀ ਅਹਿਮ ਹੈ ਕਿ ਦੂਜੀਆਂ ਜਾਂਚਾਂ ’ਚ ਵਰਤੀਆਂ ਜਾਣ ਵਾਲੀਆਂ ਕਿੱਟਾਂ ਦੀ ਪਹਿਲਾਂ ਤੋਂ ਘਾਟ ਰਹੀ ਹੈ।