• Home
  • |
  • About Us
  • |
  • Contact Us
  • |

ਮੁੰਬਈ-ਬਾਲੀਵੁੱਡ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਸਬੰਧੀ ਮਾਮਲੇ ਦੀ ਜਾਂਚ ਕਰ ਰਹੀ ਕੇਂਦਰੀ ਜਾਂਚ ਬਿਊਰੋ (ਸੀਬੀਆਈ) ਦੀ ਇਕ ਟੀਮ ਅਦਾਕਾਰ ਦੀ ਮੌਤ ਲਈ ਜ਼ਿੰਮੇਵਾਰ ਘਟਨਾਕ੍ਰਮ ਨੂੰ ਸਿਲਸਿਲੇਵਾਰ ਮੁੜ ਤਿਆਰ ਕਰਨ ਲਈ ਅੱਜ ਫੋਰੈਂਸਿਕ ਮਾਹਿਰਾਂ ਦੇ ਨਾਲ ਰਾਜਪੂਤ ਦੇ ਬਾਂਦਰਾ ਸਥਿਤ ਫਲੈਟ ਵਿੱਚ ਪਹੁੰਚੀ ਅਤੇ ਕਰੀਬ 5 ਘੰਟੇ ਜਾਂਚ ਕਰਨ ਮਗਰੋਂ ਰਾਤ 8 ਵਜੇ ਫਲੈਟ ਚੋਂ ਬਾਹਰ ਨਿਕਲੀ। ਇਹ ਜਾਣਕਾਰੀ ਇਕ ਅਧਿਕਾਰੀ ਨੇ ਦਿੱਤੀ। ਜ਼ਿਕਰਯੋਗ ਹੈ ਕਿ 14 ਜੂਨ ਨੂੰ ਸੁਸ਼ਾਂਤ ਰਾਜਪੂਤ ਆਪਣੇ ਇਸ ਫਲੈਟ ਵਿੱਚ ਫਾਹੇ ਲਟਕਿਆ ਮਿਲਿਆ ਸੀ। ਕੇਂਦਰੀ ਜਾਂਚ ਏਜੰਸੀ ਦੇ ਅਧਿਕਾਰੀ ਅਤੇ ਫੋਰੈਂਸਿਕ ਮਾਹਿਰ ਬਾਅਦ ਦੁਪਹਿਰ ਕਰੀਬ 2.30 ਵਜੇ ਬਾਂਦਰਾ ਸਥਿਤ ਮੌਂਟ ਬਲੈਂਕ ਅਪਾਰਟਮੈਂਟ ’ਚ ਰਾਜਪੂਤ ਦੀ ਰਿਹਾਇਸ਼ ’ਚ ਪਹੁੰਚੇ। ਅਧਿਕਾਰੀ ਨੇ ਦੱਸਿਆ ਕਿ ਉਹ ਫਲੈਟ ’ਚ ਬਾਲੀਵੁੱਡ ਅਦਾਕਾਰ ਨੂੰ ਮੌਤ ਤੱਕ ਲੈ ਕੇ ਜਾਣ ਵਾਲੇ ਘਟਨਾਕ੍ਰਮ ਨੂੰ ਸਿਲਸਿਲੇਵਾਰ ਮੁੜ ਤਿਆਰ ਕਰਨ ਲਈ ਪਹੁੰਚੇ ਹਨ। ਜਿਵੇਂ ਹੀ ਸੀਬੀਆਈ ਦੇ ਅਧਿਕਾਰੀ ਤੇ ਫੋਰੈਂਸਿਕ ਮਾਹਿਰ ਰਾਜਪੂਤ ਦੇ ਬਾਂਦਰਾ ਸਥਿਤ ਅਪਾਰਟਮੈਂਟ ਵਿੱਚ ਪਹੁੰਚੇ, ਉੱਥੇ ਮੀਡੀਆ ਕਰਮੀਆਂ ਤੇ ਹੋਰ ਲੋਕਾਂ ਦੀ ਭਾਰੀ ਭੀੜ ਇਕੱਠੀ ਹੋ ਗਈ। ਇਕ ਅਧਿਕਾਰੀ ਨੇ ਦੱਸਿਆ ਕਿ ਇਸ ਮੌਕੇ ਸੀਬੀਆਈ ਦੀ ਟੀਮ ਨਾਲ ਰਾਜਪੂਤ ਦਾ ਰਸੋਈਆ ਨੀਰਜ, ਿੲਕ ਹੋਰ ਨੌਕਰ ਦੀਪੇਸ਼ ਸਾਵੰਤ ਤੇ ਉਸ ਦੇ ਨਾਲ ਫਲੈਟ ’ਚ ਰਹਿਣ ਵਾਲਾ ਸਿਧਾਰਥ ਪਿਥਾਨੀ ਵੀ ਮੌਜੂਦ ਸੀ। ਸੀਬੀਆਈ ਦੇ ਅਧਿਕਾਰੀਆਂ ਵੱਲੋਂ ਸਾਂਤਾ ਕਰੂਜ਼ ਵਿੱਚ ਸਥਿਤ ਭਾਰਤੀ ਹਵਾਈ ਸੈਨਾ ਦੇ ਗੈਸਟ ਹਾਊਸ ਵਿੱਚ ਸਿਧਾਰਥ ਦੇ ਬਿਆਨ ਦਰਜ ਕੀਤੇ ਗਏ। ਜ਼ਿਕਰਯੋਗ ਹੈ ਕਿ ਸੀਬੀਆਈ ਦੀ ਜਾਂਚ ਟੀਮ ਦੇ ਮੈਂਬਰ ਇਸੇ ਗੈਸਟ ਹਾਊਸ ਵਿੱਚ ਠਹਿਰੇ ਹੋਏ ਹਨ। ਸ਼ੁੱਕਰਵਾਰ ਨੂੰ ਇਸੇ ਗੈਸਟ ਹਾਊਸ ਵਿੱਚ ਸੀਬੀਆਈ ਅਧਿਕਾਰੀਆਂ ਵੱਲੋਂ ਨੀਰਜ ਤੋਂ ਵੀ ਪੁੱਛਗਿਛ ਕੀਤੀ ਗਈ ਸੀ। ਇਕ ਹੋਰ ਅਧਿਕਾਰੀ ਨੇ ਦੱਸਿਆ ਕਿ ਇਸੇ ਦੌਰਾਨ ਸੀਬੀਆਈ ਦੀ ਇਕ ਹੋਰ ਟੀਮ ਵੱਲੋਂ ਸ਼ਹਿਰ ਦੇ ਸਰਕਾਰੀ ਕੂਪਰ ਹਸਪਤਾਲ ਦਾ ਦੌਰਾ ਕੀਤਾ ਗਿਆ ਜਿੱਥੇ ਕਿ ਮਰਹੂਮ ਅਦਾਕਾਰ ਦਾ ਪੋਸਟਮਾਰਟਮ ਹੋਇਆ ਸੀ। ਉਨ੍ਹਾਂ ਦੱਸਿਆ ਕਿ ਸੀਬੀਆਈ ਦੀ ਇਕ ਹੋਰ ਟੀਮ ਸੁਸ਼ਾਂਤ ਮਾਮਲੇ ਦੀ ਜਾਂਚ ਕਰ ਰਹੇ ਮੁੰਬਈ ਪੁਲੀਸ ਦੇ ਅਧਿਕਾਰੀਆਂ ਨੂੰ ਮਿਲਣ ਲਈ ਬਾਂਦਰਾ ਪੁਲੀਸ ਥਾਣੇ ਪਹੁੰਚੀ।