ਨਵੀਂ ਦਿੱਲੀ – ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਦੇਸ਼ ਦੇ ਵੱਖ-ਵੱਖ ਸੂਬਿਆਂ ‘ਚ ਡਾਕਟਰਾਂ ਦੀ ਕੋਰੋਨਾ ਵਾਇਰਸ ਕਾਰਨ ਮੌਤ ਹੋਣ ਨਾਲ ਜੁੜੀਆਂ ਖਬਰ ਨੂੰ ਲੈ ਕੇ ਸੋਮਵਾਰ ਨੂੰ ਦੋਸ਼ ਲਗਾਇਆ ਕਿ ਇਸ ਸਰਕਾਰ ਨੇ ਕੋਰੋਨਾ ਵਾਰੀਅਰਜ਼ ਨਾਲ ਵਿਸ਼ਵਾਸਘਾਤ ਕੀਤਾ ਹੈ। ਉਨ੍ਹਾਂ ਨੇ ਇੱਕ ਖ਼ਬਰ ਦਾ ਹਵਾਲਾ ਦਿੰਦੇ ਹੋਏ ਟਵੀਟ ਕੀਤਾ, ਕੋਰੋਨਾ ਵਾਰੀਅਰਜ਼ ਲਈ ਤਾੜੀ-ਥਾਲੀ ਵਜਾ ਕੇ ਜਨਤਾ ਨੇ ਮੋਦੀ ਜੀ ‘ਤੇ ਵਿਸ਼ਵਾਸ ਜਤਾਇਆ ਪਰ ਮੋਦੀ ਸਰਕਾਰ ਨੇ ਕੋਰੋਨਾ ਵਾਰੀਅਰਜ਼ ਦੀ ਸਹਾਇਤਾ ਕਰਨ ਤੋਂ ਹੱਥ ਖਿੱਚ ਕੇ ਹਮੇਸ਼ਾ ਦੀ ਤਰ੍ਹਾਂ ਵਿਸ਼ਵਾਸਘਾਤ ਕੀਤਾ। ਕਾਂਗਰਸ ਨੇਤਾ ਨੇ ਕਿਹਾ, ਸਰਕਾਰ ਨੂੰ ਕੋਰੋਨਾ ਵਾਰੀਅਰਜ਼ ਨੂੰ ਸੁਰੱਖਿਆ, ਸਨਮਾਨ ਅਤੇ ਸੁਵਿਧਾਵਾਂ ਦੇਣੀਆਂ ਹੀ ਹੋਣਗੀਆਂ। ਰਾਹੁਲ ਗਾਂਧੀ ਨੇ ਜਿਸ ਖ਼ਬਰ ਦਾ ਹਵਾਲਾ ਦਿੱਤਾ ਉਸ ਦੇ ਮੁਤਾਬਕ, ‘ਇੰਡੀਅਨ ਮੈਡੀਕਲ ਐਸੋਸੀਏਸ਼ਨ’ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੱਤਰ ਲਿੱਖ ਕੇ ਕਿਹਾ ਹੈ ਕਿ ਕੋਰੋਨਾ ਨਾਲ ਹੁਣ ਤੱਕ 18 ਸੂਬਿਆਂ ‘ਚ 196 ਡਾਕਟਰਾਂ ਦੀ ਮੌਤ ਹੋ ਚੁੱਕੀ ਹੈ ਅਤੇ ਅਜਿਹੇ ‘ਚ ਉਨ੍ਹਾਂ ਲਈ ਸਿਹਤ ਬੀਮਾ ਦੀ ਸਹੂਲਤ ਉਪਲੱਬਧ ਕਰਵਾਈ ਜਾਵੇ।