ਚੰਡੀਗੜ੍ਹ, : ਪੰਜਾਬ ਵਿੱਚ ਲਗਾਤਾਰ ਵੱਧ ਰਹੇ ਕੋਰੋਨਾ ਵਾਇਰਸ ਦੇ ਅੰਕੜੇ ਕਾਫੀ ਡਰਉਣ ਵਾਲੇ ਹਨ, ਇਹ ਕਹਿਣਾ ਹੈ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ। ਅੱਜ ਸ਼ਾਮ ਫੇਸਬੁੱਕ 'ਤੇ ਲਾਈਵ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਦੇ ਲੋਕ ਸਮਾਜੀਕ ਦੂਰੀ ਦੇ ਨਿਯਮਾਂ ਨੂੰ ਭੁੱਲਦੇ ਜਾ ਰਹੇ ਹਨ। ਸੂਬੇ ਅੰਦਰ ਕੋਰੋਨਾ ਵਾਇਰਸ ਦੇ ਕੇਸਾਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ ਤੇ ਇਹ ਵਾਧਾ ਲਗਾਤਾਰ ਬੀਤੇ 5 ਮਹੀਨਿਆਂ ਤੋਂ ਦਰਜ਼ ਕੀਤਾ ਜਾ ਰਿਹਾ ਹੈ। ਉਨ੍ਹਾਂ ਖਦਸ਼ਾ ਜ਼ਾਹਿਰ ਕਰਦਿਆਂ ਕਿਹਾ ਕਿ 3 ਸਤੰਬਰ ਤਕ ਕੋਰੋਨਾ ਦੀ ਲਾਗ ਤੋਂ ਪੀੜਤ ਲੋਕਾਂ ਦਾ ਅੰਕੜਾ 74 ਹਜ਼ਾਰ ਦੇ ਨੇੜੇ ਅਤੇ 18 ਸਤੰਬਰ ਤਕ ਮਰੀਜ਼ਾਂ ਦਾ ਅੰਕੜਾ 1 ਲੱਖ 18 ਹਜ਼ਾਰ ਤੋਂ ਪਾਰ ਹੋ ਸਕਦਾ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਵਿੱਚ ਹੁਣ ਤਕ ਕੋਰੋਨਾ ਮਰੀਜ਼ਾ ਦਾ ਅੰਕੜਾ 40 ਹਜ਼ਾਰ ਦੇ ਨੇੜੇ ਪੁੱਜ ਗਿਆ ਹੈ। ਲਗਾਤਾਰ ਵੱਧ ਰਹੇ ਕੋਰੋਨਾ ਕੇਸਾਂ ਦੇ ਕਾਰਨ ਹੀ ਸਰਕਾਰ ਨੂੰ ਸਖਤੀ ਵਰਤਣੀ ਪਈ ਹੈ। ਸੂਬੇ ਵਿੱਚ ਵੀਕੈਂਡ ਲਾਕਡਾਊਨ ਅਤੇ ਰਾਤ ਦੇ ਕਰਫਿਊ ਦਾ ਸਮਾਂ ਬਦਲਣ ਵਰਗੇ ਸਖ਼ਤ ਕਦਮ ਚੁੱਕਣੇ ਪਏ ਹਨ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਜੇਕਰ 31 ਅਗਸਤ ਤਕ ਹਾਲਾਤ ਸੁਧਰੇ ਨਾ ਤਾਂ ਸਰਕਾਰ ਨੂੰ ਹੋਰ ਸਖ਼ਤ ਕਦਮ ਚੁੱਕਣੇ ਪੈ ਸਕਦੇ ਹਨ। ਉਨ੍ਹਾਂ ਲੋਕਾਂ ਨੂੰ ਲਾਕਡਾਊਨ ਤੇ ਕਰਫਿਊ ਦੇ ਨਿਯਮਾਂ ਦੀ ਸਖਤੀ ਨਾਲ ਪਾਲਣਾ ਕਰਨ ਦੀ ਅਪੀਲ ਕਰਦਿਆਂ ਕਿਹਾ ਕਿ ਜੇਕਰ ਕੋਰੋਨਾ ਵਾਇਰਸ ਦਾ ਅੰਕੜਾ ਇਸੇ ਤਰੀਕੇ ਵੱਧਦਾ ਰਿਹਾ ਤਾਂ ਕੁਝ ਨਹੀਂ ਬੱਚੇਗਾ। ਨਿਯਮਾਂ ਦੀ ਪਰਵਾਹ ਨਾ ਕਰਨ ਵਾਲੇ 3 ਤੋਂ 4 ਹਜ਼ਾਰ ਲੋਕਾਂ ਦੇ ਰੋਜ਼ਾਨਾ ਚਲਾਨ ਕੱਟੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਤੁਸੀਂ ਬਿਮਾਰੀ ਨੂੰ ਬੇਹੱਦ ਹਲਕੇ ਵਿੱਚ ਲੈ ਰਹੇ ਹੋ। ਨਿਯਮ ਮੰਨੋ ਤਾਂ ਹੀ ਬਿਮਾਰੀ ਹਾਰੇਗੀ। ਕੋਰੋਨਾ ਵਾਇਰਸ ਨੂੰ ਤੁਸੀਂ ਹੀ ਰੋਕ ਸਕਦੇ ਹੋ। ਉਨ੍ਹਾਂ ਅਮਰੀਕਾ ਦੀ ਮਿਸਾਲ ਦਿੰਦੇ ਹੋਏ ਕਿਹਾ ਕਿ ਉਥੇ ਅਜੇ ਵੀ ਹਾਲਾਤ ਬੇਹੱਦ ਖਰਾਬ ਹਨ।