ਸ੍ਰੀ ਮੁਕਤਸਰ ਸਾਹਿਬ : ਮੁਕਤਸਰ ਵਿਖੇ ਪੁੱਤਾਂ ਵੱਲੋਂ ਦੁਰਕਾਰੀ 80 ਸਾਲਾ ਮਹਿੰਦਰ ਕੌਰ ਦੀ ਹੋਈ ਦਰਦਨਾਕ ਮੌਤ ਦੇ ਮਾਮਲੇ 'ਤੇ ਕਾਰਵਾਈ ਕਰਦਿਆਂ ਪੰਜਾਬ ਰਾਜ ਮਹਿਲਾ ਕਮਿਸ਼ਨ ਨੇ ਮਾਤਾ ਦੇ ਸਾਰੇ ਧੀਆਂ-ਪੁੱਤਾਂ ਨੂੰ ਆਪਣੇ ਦਫਤਰ ਵਿਖੇ 24 ਅਗਸਤ ਨੂੰ 12 ਵਜੇ ਤਲਬ ਕੀਤਾ ਹੈ। ਇਸ ਸਬੰਧ ਵਿੱਚ ਮਾਤਾ ਦੇ ਪੁੱਤਰ ਰਜਿੰਦਰ ਸਿੰਘ ਰਾਜਾ ਨੇ ਦੱਸਿਆ ਕਿ ਉਨ੍ਹਾਂ ਨੂੰ ਮਹਿਲਾ ਕਮਿਸ਼ਨ ਦਾ ਨੋਟਿਸ ਮਿਲ ਗਿਆ ਹੈ ਜਿਸਦੇ ਅਨੁਸਾਰ ਉਨ੍ਹਾਂ ਨੂੰ 24 ਅਗਸਤ ਨੂੰ ਆਪਣਾ ਸਪੱਸ਼ਟੀਕਰਨ ਦੇਣ ਲਈ ਸੱਦਿਆ ਗਿਆ ਹੈ। ਇਕੱਤਰ ਜਾਣਕਾਰੀ ਅਨੁਸਾਰ ਮਾਤਾ ਦੇ ਦੋ ਪੁੱਤਰ ਅਤੇ ਚਾਰ ਧੀਆਂ ਹਨ, ਵੱਡਾ ਪੁੱਤਰ ਰਜਿੰਦਰ ਸਿੰਘ ਰਾਜਾ ਬਿਜਲੀ ਵਿਭਾਗ ਵਿੱਚੋਂ ਸੇਵਾ ਮੁਕਤ ਹੋਇਆ ਹੈ। ਉਹ ਸਿਆਸਤ ਵਿੱਚ ਵੀ ਹਿੱਸਾ ਲੈਂਦਾ ਹੈ ਤੇ ਹਾਲ ਹੀ 'ਚ ਸ਼੍ਰੋਮਣੀ ਅਕਾਲੀ ਦਲ (ਡੀ) ਪਾਰਟੀ 'ਚ ਸ਼ਾਮਲ ਹੋਇਆ ਸੀ ਪਰ ਮਾਤਾ ਦੀ ਮੌਤ ਤੋਂ ਬਾਅਦ ਦਲ ਦੇ ਪ੍ਰਧਾਨ ਸੁਖਦੇਵ ਸਿੰਘ ਢੀਂਡਸਾ ਨੇ ਉਨ੍ਹਾਂ ਨੂੰ ਦਲ 'ਚੋਂ ਕੱਢ ਦਿੱਤਾ ਸੀ। ਇਸ ਸਬੰਧ 'ਚ ਆਪਣਾ ਪੱਖ ਰੱਖਦਿਆਂ ਰਜਿੰਦਰ ਸਿੰਘ ਰਾਜਾ ਨੇ ਦੱਸਿਆ ਕਿ ਉਨ੍ਹਾਂ ਨੂੰ ਮਾਂ ਦੀ ਇਸ ਦਰਦਨਾਕ ਮੌਤ ਦਾ ਅਫਸੋਸ ਹੈ ਪਰ ਇਸਦੇ ਨਾਲ ਹੀ ਉਨ੍ਹਾਂ ਇਸ ਵਾਸਤੇ ਆਪਣੇ ਭੈਣ-ਭਾਈਆਂ ਨੂੰ ਵੱਧ ਕਸੂਰਵਾਰ ਦੱਸਿਆ।